ਬਠਿੰਡਾ : ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਲੋਕ ਆਪਣੇ ਚਹੇਤੇ ਲੀਡਰਾਂ ਨੂੰ ਇਸ ਵਾਰ ਤੋਂ ਪਹਿਲਾਂ ਲੱਡੂਆਂ, ਕੇਲਿਆਂ ਅਤੇ ਹੋਰ ਚੀਜਾਂ ਨਾਲ ਤੋਲਦੇ ਸਨ ਪਰ ਹੁਣ ਲੀਡਰਾਂ ਨੂੰ ਲਹੂ ਨਾਲ ਤੋਲਣ ਦਾ ਨਵਾਂ ਰੁਝਾਨ ਸ਼ੁਰੂ ਹੋ ਗਿਆ ਹੈ। ਇਹ ਰੁਝਾਨ ਬਠਿੰਡਾ ਤੋਂ ਸ਼ੁਰੂ ਹੋਇਆ ਹੈ।
ਸ਼ੁੱਕਰਵਾਰ ਨੂੰ ਇੱਕ ਹੋਟਲ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਗਰੂਪ ਸਿੰਘ ਗਿੱਲ ਨੂੰ ਪਾਰਟੀ ਵਰਕਰਾਂ ਨੇ ਆਪਣੇ ਖੂਨ ਨਾਲ ਤੋਲਿਆ। ਪਾਰਟੀ ਵਰਕਰਾਂ ਨੇ ਪਹਿਲਾਂ ਖੂਨਦਾਨ ਕੈਂਪ ਲਗਾਇਆ ਅਤੇ ਫਿਰ ਗਿੱਲ ਨੂੰ ਤੋਲਿਆ।

ਸਮਾਜ ਸੇਵੀ ਰਾਜੇਸ਼ ਕੁਮਾਰ ਨੇ ਕਿਹਾ ਕਿ ਲੋਕ ਸਿਆਸਤਦਾਨਾਂ ਨੂੰ ਖੂਨ ਨਾਲ ਤੋਲਣ ਦਾ ਰਿਵਾਜ ਸ਼ੁਰੂ ਕਰ ਰਹੇ ਹਨ, ਜੋ ਕਿ ਇੱਕ ਨਿਵੇਕਲਾ ਤਰੀਕਾ ਵੀ ਹੈ ਅਤੇ ਸਿਆਸਤਦਾਨਾਂ ਨੂੰ ਕਿਤੇ ਨਾ ਕਿਤੇ ਇਹ ਸੋਚਣ ਲਈ ਮਜ਼ਬੂਰ ਕਰੇਗਾ ਕਿ ਉਨ੍ਹਾਂ ਦੇ ਵਰਕਰਾਂ ਅਤੇ ਸਮਰਥਕਾਂ ਨੇ ਉਨ੍ਹਾਂ ਨੂੰ ਆਪਣੇ ਖੂਨ ਨਾਲ ਤੋਲ ਕੇ ਉਨ੍ਹਾਂ ਦਾ ਹੌਸਲਾ ਵਧਾਇਆ ਹੈ।
ਉਨ੍ਹਾਂ ਕਿਹਾ ਕਿ ਜੇਕਰ ਖੂਨ ਨਾਲ ਤੁਲਣ ਵਾਲੇ ਆਗੂ ਚੋਣਾਂ ਜਿੱਤ ਕੇ ਵਿਧਾਇਕ ਬਣ ਜਾਣ ਤਾਂ ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਲੋਕਾਂ ਦੇ ਖੂਨ ਦਾ ਸਤਿਕਾਰ ਕਰਦੇ ਹੋਏ ਹਰ ਆਮ ਆਦਮੀ ਦੀਆਂ ਸਮੱਸਿਆਵਾਂ ਪਹਿਲ ਦੇ ਆਧਾਰ ‘ਤੇ ਹੱਲ ਕਰਨ।

ਵੀਰਵਾਰ ਨੂੰ ਬਰਨਾਲਾ ਬਾਈਪਾਸ ਰੋਡ ‘ਤੇ ਸਥਾਨਕ ਦੁਕਾਨਦਾਰਾਂ ਅਤੇ ਅਕਾਲੀ ਵਰਕਰਾਂ ਨੇ ਅਕਾਲੀ ਦਲ ਬਸਪਾ ਗਠਜੋੜ ਦੇ ਉਮੀਦਵਾਰ ਸਰੂਪ ਚੰਦ ਸਿੰਗਲਾ ਨੂੰ ਬੁਲਾ ਕੇ ਪਹਿਲਾਂ ਖੂਨਦਾਨ ਕੈਂਪ ਲਗਾ ਕੇ ਖੂਨ ਇਕੱਠਾ ਕੀਤਾ ਅਤੇ ਉਸ ਤੋਂ ਬਾਅਦ ਇਕੱਠੇ ਕੀਤੇ ਖੂਨ ਨਾਲ ਅਕਾਲੀ ਉਮੀਦਵਾਰ ਨੂੰ ਤੋਲਿਆ ਗਿਆ।
ਅਕਾਲੀ ਉਮੀਦਵਾਰ ਸਰੂਪ ਚੰਦ ਸਿੰਗਲਾ ਨੇ ਕਿਹਾ ਕਿ ਉਨ੍ਹਾਂ ਨੇ ਹਮੇਸ਼ਾ ਚੰਗੇ-ਮਾੜੇ ਸਮਿਆਂ ‘ਚ ਉਨ੍ਹਾਂ ਦੇ ਨਾਲ ਖੜ੍ਹ ਕੇ ਲੋਕਾਂ ਦੇ ਪਿਆਰ ਦਾ ਮੁੱਲ ਪਾਇਆ ਹੈ ਅਤੇ ਹੁਣ ਵੀ ਉਹ ਚੋਣਾਂ ਜਿੱਤਣ ਜਾਂ ਨਾ ਜਿੱਤਣ ਪਰ ਉਹ ਪਹਿਲਾਂ ਵਾਂਗ ਹੀ ਲੋਕਾਂ ਦੇ ਨਾਲ ਖੜ੍ਹੇ ਰਹਿਣਗੇ।

ਚੋਣਾਂ ਵਿੱਚ ਬਠਿੰਡਾ ਸ਼ਹਿਰੀ ਸੀਟ ਤੋਂ ਕਾਂਗਰਸੀ ਉਮੀਦਵਾਰ ਮਨਪ੍ਰੀਤ ਬਾਦਲ ਨੂੰ ਪਹਿਲਾਂ ਪਾਰਟੀ ਵਰਕਰਾਂ ਨੇ ਨਮਕੀਨ ਕਾਜੂ ਨਾਲ ਤੋਲਿਆ ਅਤੇ ਹੁਣ ਲੋਕਾਂ ਨੇ ਅਕਾਲੀ ਦਲ ਦੇ ਬਸਪਾ ਉਮੀਦਵਾਰ ਸਿੰਗਲਾ ਅਤੇ ਆਪ ਉਮੀਦਵਾਰ ਗਿੱਲ ਨੂੰ ਖੂਨ ਨਾਲ ਤੋਲ ਕੇ ਇੱਕ ਨਵੀਂ ਪਿਰਤ ਨੂੰ ਜਨਮ ਦਿੱਤਾ ਹੈ।