Aam Aadmi Party announces 10 agendas for cities of Punjab in a press conference in Jalandhar
ਜਲੰਧਰ : ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਸ਼ਹਿਰਾਂ ਦੀ ਹਾਲਤ ਨੂੰ ਸੁਧਾਰਨ ਅਤੇ ਸੁੰਦਰ ਬਣਾਉਣ ਸਮੇਤ ਸੂਬੇ ਦੇ ਵਪਾਰ-ਕਾਰੋਬਾਰ ਨੂੰ ਵਧਾਉਣ ਲਈ 10 ਏਜੰਡੇ ਪੇਸ਼ ਕੀਤੇ। ਸ਼ਨੀਵਾਰ ਨੂੰ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਆਪ ਪ੍ਰਧਾਨ ਭਗਵੰਤ ਮਾਨ ਨੇ ਜਲੰਧਰ ਵਿਖੇ ਪ੍ਰੈੱਸ ਕਾਨਫਰੰਸ ਕੀਤੀ ਅਤੇ ਪੰਜਾਬ ਲਈ ਕਈ ਐਲਾਨ ਕੀਤੇ । ਕੇਜਰੀਵਾਲ ਨੇ ਕਿਹਾ ਕਿ ਪੰਜਾਬ ਵਿੱਚ ਇਸ ਸਮੇਂ ਦੋ ਤਰ੍ਹਾਂ ਦੀ ਰਾਜਨੀਤੀ ਚੱਲ ਰਹੀ ਹੈ। ਇੱਕ ਪਾਸੇ ਤਾਂ ਉਹ ਰਵਾਇਤੀ ਪਾਰਟੀਆਂ ਹਨ ਜੋ ਸਿਰਫ ਗੰਦੀ ਰਾਜਨੀਤੀ ਕਰ ਰਹੀਆਂ ਹਨ । ਭ੍ਰਿਸ਼ਟਾਚਾਰ ਕਰ ਰਹੀਆਂ ਹਨ ਅਤੇ ਮਾਫੀਆ ਚਲਾ ਰਹੀਆਂ ਹਨ । ਦੂਜੇ ਪਾਸੇ ਆਮ ਆਦਮੀ ਪਾਰਟੀ ਹੈ, ਜੋ ਲੋਕਾਂ ਦੇ ਸਾਹਮਣੇ ਪੰਜਾਬ ਦੇ ਵਿਕਾਸ ਅਤੇ ਤਰੱਕੀ ਦਾ ਏਜੰਡਾ ਪੇਸ਼ ਕਰ ਰਹੀ ਹੈ ਅਤੇ ਦਿਨ ਰਾਤ ਇੱਕ ਕਰਕੇ ਯੋਜਨਾਵਾਂ ਬਣਾ ਰਹੀ ਹੈ।

ਮੀਡੀਆ ਨੂੰ ਸੰਬੋਧਨ ਕਰਦੇ ਹੋਏ ਕੇਜਰੀਵਾਲ ਨੇ ਪੰਜਾਬ ਦੇ ਸ਼ਹਿਰਾਂ ਨੂੰ ਸੁੰਦਰ ਬਣਾਉਣ ਲਈ 10 ਏਜੰਡੇ ਪੇਸ਼ ਕਰਦਿਆਂ ਕਿਹਾ ਕਿ ਅਸੀਂ ਭ੍ਰਿਸ਼ਟਾਚਾਰ ਅਤੇ ਗਾਲ੍ਹਾਂ ਕੱਢਣੀਆਂ ਨਹੀਂ ਜਾਣਦੇ । ਸਾਨੂੰ ਕੰਮ ਕਰਨਾ ਆਉਂਦਾ ਹੈ। ਅਸੀਂ ਦਿੱਲੀ ਵਿੱਚ ਲੋਕਾਂ ਲਈ ਕੰਮ ਕਰਕੇ ਦਿਖਾਇਆ ਹੈ। ਦਿੱਲੀ ਦੇ ਲੋਕਾਂ ਨੂੰ ਅਸੀਂ ਚੰਗੀ ਸਿੱਖਿਆ, ਮੈਡੀਕਲ ਅਤੇ ਹੋਰ ਸਹੂਲਤਾਂ ਮੁਹਾਈਆਂ ਕਰਵਾਈਆਂ ਹਨ। ਪੰਜਾਬ ਦੀਆਂ ਸਮੱਸਿਆਵਾਂ ਨੂੰ ਵੀ ਦੂਰ ਕਰਨ ਲਈ ਮੈਂ ਅਤੇ ਭਗਵੰਤ ਮਾਨ ਨੇ ਹਰ ਵਰਗ ਦੇ ਲੋਕਾਂ, ਵਪਾਰੀਆਂ, ਕਾਰੋਬਾਰੀਆਂ, ਕਿਸਾਨਾਂ ਅਤੇ ਮੁਲਾਜ਼ਮਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਜਾਣੀਆਂ ਅਤੇ ਉਨ੍ਹਾਂ ਦੇ ਹੱਲ ਲਈ ਪੰਜਾਬ ਦੇ ਲੋਕਾਂ ਨੂੰ ਵੱਖ-ਵੱਖ ਗਾਰੰਟੀਆਂ ਦਿੱਤੀਆਂ । ਪੰਜਾਬ ਦੇ ਲੋਕਾਂ ਨੇ ਸਾਡੀਆਂ ਸਾਰੀਆਂ ਗਾਰੰਟੀਆਂ ਦੀ ਖੂਬ ਤਾਰੀਫ਼ ਕੀਤੀ ਅਤੇ ਸਲਾਹਿਆ ਹੈ। ਪਰ ਸ਼ਹਿਰ ਦੇ ਲੋਕਾਂ ਨੇ ਕਿਹਾ ਕਿ ਤੁਸੀਂ ਸਾਰਿਆਂ ਲਈ ਵਾਅਦੇ ਕੀਤੇ, ਗਾਰੰਟੀ ਦਿੱਤੀ, ਪਰ ਸ਼ਹਿਰਾਂ ਲਈ ਕੋਈ ਗਾਰੰਟੀ ਨਹੀਂ ਦਿੱਤੀ।
ਇਸੇ ਲਈ ਅੱਜ ਅਸੀਂ ਸ਼ਹਿਰਾਂ ਲਈ ਗਾਰੰਟੀਆਂ ਲੈ ਕੇ ਆਏ ਹਾਂ। ਅਸੀਂ ਪੰਜਾਬ ਦੇ ਸ਼ਹਿਰਾਂ ਨੂੰ ਦੇਸ਼ ਵਿੱਚ ਨੰਬਰ 1 ਬਣਾਵਾਂਗੇ ਅਤੇ ਵਿਦੇਸ਼ਾਂ ਦੇ ਸ਼ਹਿਰਾਂ, ਲੰਡਨ-ਨਿਊਯਾਰਕ ਵਾਂਗ ਪੰਜਾਬ ਦੇ ਸ਼ਹਿਰਾਂ ਵਿੱਚ ਵੀ ਸਾਫ-ਸਫ਼ਾਈ ਦੇ ਅਗੇਤੇ ਪ੍ਰਬੰਧ ਕਰਕੇ ਸਾਰੇ ਸ਼ਹਿਰਾਂ ਨੂੰ ਸੁੰਦਰ ਤੇ ਸਵੱਛ ਬਣਾਵਾਂਗੇ।
ਸ਼ਹਿਰਾਂ ਦੀ ਸਾਫ਼-ਸਫ਼ਾਈ ਅਤੇ ਸਵੱਛਤਾ ਨਾਲ ਸਬੰਧਤ ਪਹਿਲੇ ਏਜੰਡੇ ਵਿੱਚ ਕੇਜਰੀਵਾਲ ਨੇ ਕਿਹਾ ਕਿ ਵਿਕਸਤ ਦੇਸ਼ਾਂ ਦੇ ਸ਼ਹਿਰਾਂ ਵਾਂਗ ਪੰਜਾਬ ਦੇ ਸ਼ਹਿਰਾਂ ਵਿੱਚ ਵੀ ਸਾਫ-ਸਫਾਈ ਵਿਵਸਥਾ ਲਈ ਉੱਚ ਮਿਆਰੀ ਪ੍ਰਬੰਧ ਕੀਤੇ ਜਾਣਗੇ ਅਤੇ ਸਾਰੇ ਸ਼ਹਿਰਾਂ ਨੂੰ ਸਵੱਛ ਅਤੇ ਸੁੰਦਰ ਬਣਾਇਆ ਜਾਵੇਗਾ।

ਦੂਜਾ ਏਜੰਡਾ ਪੇਸ਼ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਅਸੀਂ ਦਿੱਲੀ ਵਾਂਗ ਪੰਜਾਬ ਵਿੱਚ ਵੀ ‘ਡੋਰ ਸਟੈਪ ਡਿਲੀਵਰੀ ਫ਼ਾਰ ਸਰਵਿਸਸ’ ਲਾਗੂ ਕਰਾਂਗੇ। ਲੋਕਾਂ ਨੂੰ ਸਰਕਾਰੀ ਕੰਮ ਕਰਵਾਉਣ ਲਈ ਵਿਚੋਲਿਆਂ-ਦਲਾਲਾਂ ਅਤੇ ਕਤਾਰਾਂ ਤੋਂ ਮੁਕਤੀ ਮਿਲੇਗੀ। ਸਾਰੇ ਸਰਕਾਰੀ ਕੰਮ, ਚਾਹੇ ਬਿਜਲੀ ਦਾ ਕੁਨੈਕਸ਼ਨ ਹੋਵੇ ਜਾਂ ਰਾਸ਼ਨ ਕਾਰਡ ਬਣਵਾਉਣ ਦਾ, ਸਰਕਾਰੀ ਕਰਮਚਾਰੀ ਲੋਕਾਂ ਦੇ ਘਰ ਜਾਕੇ ਕਰਨਗੇ। ‘ਆਪ’ ਸਰਕਾਰ ‘ਚ ਲੋਕ ਸਰਕਾਰ ਦੇ ਬੂਹੇ ‘ਤੇ ਨਹੀਂ, ਸਰਕਾਰ ਲੋਕਾਂ ਦੇ ਬੂਹੇ ‘ਤੇ ਜਾਵੇਗੀ।
ਤੀਜੇ ਏਜੰਡੇ ਵਿੱਚ ਸ਼ਹਿਰਾਂ ਨੂੰ ਸੁੰਦਰ ਬਣਾਉਣ ਲਈ ਅੰਡਰਗਰਾਊਂਡ ਕੇਬਲ ਵਿਛਾਉਣ ਦਾ ਜ਼ਿਕਰ ਹੈ। ਕੇਜਰੀਵਾਲ ਨੇ ਕਿਹਾ ਕਿ ਸੜਕ ‘ਤੇ ਲਟਕਦੀਆਂ ਬਿਜਲੀ ਅਤੇ ਕੇਬਲ ਦੀਆਂ ਤਾਰਾਂ ਸ਼ਹਿਰ ਨੂੰ ਬਦਸੂਰਤ ਬਣਾਉਂਦੀਆਂ ਹਨ। ਦਿੱਲੀ ਵਿੱਚ, ਅਸੀਂ ਸੰਘਣੀ ਆਬਾਦੀ ਵਾਲੇ ਖੇਤਰਾਂ ਵਿੱਚ ਅੰਡਰਗਰਾਊਂਡ ਕੇਬਲਿੰਗ ਦਾ ਕੰਮ ਸ਼ੁਰੂ ਕੀਤਾ ਹੈ। ਪੰਜਾਬ ਦੇ ਸ਼ਹਿਰਾਂ ਵਿੱਚ ਅੰਡਰਗਰਾਊਂਡ ਕੇਬਲਿੰਗ ਕਰਕੇ ਸ਼ਹਿਰਾਂ ਨੂੰ ਵੀ ਸੁੰਦਰ ਬਣਾਵਾਂਗੇ।
ਚੌਥੇ ਏਜੰਡੇ ਵਿੱਚ ਮੁਹੱਲਾ ਕਲੀਨਿਕ ਹਨ | ਕੇਜਰੀਵਾਲ ਨੇ ਕਿਹਾ ਕਿ ਜਿਸ ਤਰ੍ਹਾਂ ਅਸੀਂ ਦਿੱਲੀ ਵਿੱਚ ਮੁਹੱਲਾ ਕਲੀਨਿਕਾਂ ਰਾਹੀਂ ਦਿੱਲੀ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਦਿੱਤੀਆਂ ਹਨ। ਪੰਜਾਬ ਵਿਚ ਵੀ ਇਸੀ ਤਰਜ਼ ‘ਤੇ ਸ਼ਹਿਰਾਂ ਅਤੇ ਪਿੰਡਾਂ ਲਈ 16000 ਪਿਂਡ ਕਲੀਨਿਕ ਅਤੇ ਮੁਹੱਲਾ ਕਲੀਨਿਕ ਬਣਾਏ ਜਾਣਗੇ ਅਤੇ ਖ਼ਸਤਾਹਾਲ ਸਰਕਾਰੀ ਹਸਪਤਾਲਾਂ ਨੂੰ ਠੀਕ ਕਰਾਂਗੇ। ‘ਆਪ’ ਦੀ ਸਰਕਾਰ ਆਉਣ ‘ਤੇ ਪੰਜਾਬ ਦੇ ਲੋਕਾਂ ਨੂੰ ਇਲਾਜ ਲਈ ਮਹਿੰਗੇ ਪ੍ਰਾਈਵੇਟ ਹਸਪਤਾਲਾਂ ‘ਚ ਨਹੀਂ ਜਾਣਾ ਪਵੇਗਾ। ਉਨ੍ਹਾਂ ਨੂੰ ਹਰ ਤਰ੍ਹਾਂ ਦੀਆਂ ਉੱਚ ਸਿਹਤ ਸਹੂਲਤਾਂ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਵਿੱਚ ਉਪਲੱਬਧ ਕਰਵਾਈਆਂ ਜਾਣਗੀਆਂ।

ਪੰਜਵੇਂ ਏਜੰਡੇ ਵਿੱਚ ਕੇਜਰੀਵਾਲ ਨੇ ਸ਼ਹਿਰਾਂ ਦੇ ਸਰਕਾਰੀ ਸਕੂਲਾਂ ਦੀ ਕਾਇਆ ਕਲਪ ਕਰਨ ਦਾ ਵਾਅਦਾ ਕੀਤਾ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਅਸੀਂ ਸਰਕਾਰੀ ਸਕੂਲਾਂ ਨੂੰ ਵਰਲਡ-ਕਲਾਸ ਬਣਾਇਆ ਹੈ। ਜਿੱਥੇ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਸਰਕਾਰੀ ਸਕੂਲਾਂ ਦੀ ਹਾਲਤ ਬਦ ਤੋਂ ਬਦਤਰ ਹੋ ਗਈ ਹੈ, ਉੱਥੇ ਦਿੱਲੀ ਵਿੱਚ ਹੀ ਇਸ ਸਾਲ ਦਿੱਲੀ ਦੇ ਸਰਕਾਰੀ ਸਕੂਲਾਂ ਦਾ ਨਤੀਜੇ 99.6 ਫੀਸਦੀ ਰਹੇ ਅਤੇ 2.5 ਲੱਖ ਤੋਂ ਵੱਧ ਬੱਚਿਆਂ ਨੇ ਪ੍ਰਾਈਵੇਟ ਸਕੂਲਾਂ ‘ਚੋ ਨਾਮ ਕਟਵਾਕੇ ਸਰਕਾਰੀ ਸਕੂਲਾਂ ਵਿੱਚ ਦਾਖਲਾ ਕਰਵਾਇਆ ਹਨ। ਅੱਜ ਦਿੱਲੀ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਆਈਆਈਟੀ ਅਤੇ ਨੀਟ ਦੀਆਂ ਪ੍ਰੀਖਿਆਵਾਂ ਵਿੱਚ ਚੰਗੇ ਨੰਬਰ ਲਿਆ ਰਹੇ ਹਨ। ਪਿਛਲੇ ਸਾਲ ਦਿੱਲੀ ਦੇ ਸਰਕਾਰੀ ਸਕੂਲਾਂ ਦੇ 350 ਤੋਂ ਵੱਧ ਵਿਦਿਆਰਥੀਆਂ ਨੇ ਆਈਆਈਟੀ ਵਿੱਚ ਦਾਖ਼ਲਾ ਲਿਆ। ਕੇਜਰੀਵਾਲ ਨੇ ਕਿਹਾ ਕਿ ਦੇਸ਼ ਦੇ ਬੱਚਿਆਂ ਨੂੰ ਚੰਗੀ ਸਿੱਖਿਆ ਦੇਣਾ ਹੀ ਅਸਲੀ ਰਾਸ਼ਟਰ ਨਿਰਮਾਣ ਹੈ।
ਛੇਵੇਂ ਅਤੇ ਸੱਤਵੇਂ ਏਜੰਡੇ ਵਿੱਚ ਬਿਜਲੀ ਅਤੇ ਪਾਣੀ ਹਨ। ਕੇਜਰੀਵਾਲ ਨੇ ਕਿਹਾ ਕਿ ਸਾਡੀ ਸਰਕਾਰ ਸਾਰੇ ਲੋਕਾਂ ਨੂੰ 24 ਘੰਟੇ ਮੁਫਤ ਬਿਜਲੀ ਅਤੇ 24 ਘੰਟੇ ਪੀਣ ਵਾਲਾ ਪਾਣੀ ਮੁਹੱਈਆ ਕਰਵਾਏਗੀ। ਅੱਠਵੇਂ ਏਜੰਡੇ ਵਿੱਚ ਬਜ਼ਾਰਾਂ ਦੀਆਂ ਸੜਕਾਂ, ਪਾਰਕਿੰਗ ਵਿਵਸਥਾ ਅਤੇ ਪਖਾਨੇ ਹਨ। ਕੇਜਰੀਵਾਲ ਨੇ ਕਿਹਾ ਕਿ ਇਸ ਸਮੇਂ ਪੰਜਾਬ ਦੇ ਲਗਪਗ ਸਾਰੇ ਸ਼ਹਿਰਾਂ ਵਿੱਚ ਬਜ਼ਾਰਾਂ ਦੀਆਂ ਸੜਕਾਂ ਬੇਹੱਦ ਖਰਾਬ ਹਨ। ਸ਼ਹਿਰਾਂ ਵਿੱਚ ਪਾਰਕਿੰਗ ਦੀ ਵਿਵਸਥਾ ਨਹੀਂ ਹੈ ਅਤੇ ਲੋੜੀਂਦੀ ਗਿਣਤੀ ਵਿੱਚ ਪਖਾਨੇ ਨਹੀਂ ਹਨ। ‘ਆਪ’ ਸਰਕਾਰ ਬਜ਼ਾਰਾਂ ਦੀਆਂ ਟੁੱਟੀਆਂ ਸੜਕਾਂ ਦਾ ਸੁੰਦਰ ਬਣਾਏਗੀ ਅਤੇ ਬਜ਼ਾਰਾਂ ‘ਚ ਵੱਖ-ਵੱਖ ਥਾਵਾਂ ‘ਤੇ ਪਾਰਕਿੰਗ ਅਤੇ ਪਖਾਨੇ ਬਣਾਏਗੀ।
ਨੌਵਾਂ ਏਜੰਡਾ ਔਰਤਾਂ ਦੀ ਸੁਰੱਖਿਆ ਦਾ ਹੈ। ਕੇਜਰੀਵਾਲ ਨੇ ਕਿਹਾ ਕਿ ਲੋਕਾਂ ਅਤੇ ਖਾਸ ਤੌਰ ‘ਤੇ ਔਰਤਾਂ ਦੀ ਸੁਰੱਖਿਆ ਸਾਡੇ ਲਈ ਸਭ ਤੋਂ ਮਹੱਤਵਪੂਰਨ ਕੰਮ ‘ਚੋਂ ਇੱਕ ਹੈ। ਸੁਰੱਖਿਆ ਪ੍ਰਬੰਧਾਂ ਨੂੰ ਬਿਹਤਰ ਬਣਾਉਣ ਲਈ ਅਸੀਂ ਦਿੱਲੀ ਵਿੱਚ ਵੱਡੀ ਗਿਣਤੀ ਵਿੱਚ ਸੀਸੀਟੀਵੀ ਕੈਮਰੇ ਲਗਵਾਏ ਹਨ। ਅੱਜ ਦਿੱਲੀ ਵਿੱਚ ਸੀਸੀਟੀਵੀ ਕੈਮਰਿਆਂ ਦੀ ਗਿਣਤੀ ਨਿਊਯਾਰਕ ਅਤੇ ਲੰਡਨ ਨਾਲੋਂ ਵੀ ਵੱਧ ਹੈ। ਪੰਜਾਬ ਵਿੱਚ ਵੀ ਸਰਕਾਰ ਬਣੀ ਤਾਂ ਹਰ ਸ਼ਹਿਰ ਵਿੱਚ ਥਾਂ ਥਾਂ ‘ਤੇ ਸੀਸੀਟੀਵੀ ਕੈਮਰੇ ਲਗਾਏ ਜਾਣਗੇ ਅਤੇ ਔਰਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਵਾਂਗੇ।
ਦਸਵਾਂ ਏਜੰਡਾ ਪੇਸ਼ ਕਰਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਇਸ ਸਾਰੇ ਕੰਮ ਲਈ ਕਈ ਲੋਕਾਂ ਨੂੰ ਟੈਕਸ ਵਧਾਉਣ ਦਾ ਸ਼ੰਕਾ ਪੈਦਾ ਹੋ ਜਾਂਦਾ ਹੈ ਅਤੇ ਕਈ ਲੋਕ ਪੁੱਛਦੇ ਹਨ ਕਿ ਪੈਸਾ ਕਿੱਥੋਂ ਆਵੇਗਾ। ਇਸ ਦੇ ਲਈ ਕੇਜਰੀਵਾਲ ਨੇ ਗਾਰੰਟੀ ਦਿੱਤੀ ਕਿ ‘ਆਪ’ ਸਰਕਾਰ ਕੋਈ ਨਵਾਂ ਟੈਕਸ ਨਹੀਂ ਲਗਾਏਗੀ ਅਤੇ ਮੌਜੂਦਾ ਟੈਕਸ ਨੂੰ ਵੀ ਨਹੀਂ ਵਧਾਏਗੀ। ਉਨ੍ਹਾਂ ਕਿਹਾ ਕਿ ਸਰਕਾਰ ਕੋਲ ਪੈਸੇ ਦੀ ਕੋਈ ਘਾਟ ਨਹੀਂ ਹੈ, ਘਾਟ ਸਿਰਫ ਸਾਫ਼ ਨੀਅਤ ਦੀ ਹੈ। ਜੇਕਰ ਨੀਅਤ ਸਾਫ਼ ਹੋਵੇ ਤਾਂ ਹਰ ਕੰਮ ਸੰਭਵ ਹੈ। ਅਸੀਂ ਮਾਫੀਆ ਅਤੇ ਭ੍ਰਿਸ਼ਟਾਚਾਰ ਨੂੰ ਨੱਥ ਪਾ ਕੇ ਪੈਸਾ ਬਚਾਵਾਂਗੇ ਅਤੇ ਲੋਕਾਂ ਨੂੰ ਸਾਰੀਆਂ ਸਹੂਲਤਾਂ ਮੁਹਈਆ ਕਰਾਵਾਂਗੇ।
ਇਹ ਵੀ ਪੜ੍ਹੋ :
- National Basketball Association (NBA) ਚ’ ਹੋਈ ਟਿੱਬਿਆਂ ਦੇ ਪੁੱਤ ਹਰਜੀਤ ਸਿੰਘ ਦੀ ਚੋਣ
- ਪ੍ਰੋਗਰਾਮ “ਰੰਗ ਪੰਜਾਬ ਦੇ” ਨਾਮ ਹੇਠ 3 ਮਹੀਨਿਆਂ ਚ ਕਰਵਾਏ ਗਏ ਸੀ ਲਗਭਗ 250 ਤੋਂ ਵੱਧ ਖੁਲੇ ਅਖਾੜੇ – ਪੜ੍ਹੋ ਪੂਰੀ ਖਬਰ
- ਪੰਜਾਬ ਚ ਗੈਂਗਸਟਰਾਂ ਤੇ ਕੱਸਿਆ ਸ਼ਿਕੰਜਾ – ਸੂਬੇ ‘ਚ AGTF ਦੀਆਂ 8 ਯੂਨਿਟਾਂ ਹੋਣਗੀਆਂ ਤਾਇਨਾਤ – Punjab News
- Sidhu Moose Wala ਨੂੰ ਇਨਸਾਫ ਦਵਾਉਣ ਲਈ ਕੀਤਾ ਗਿਆ ਕੈਂਡਲ ਮਾਰਚ , ਪੰਜਾਬ ਕਾਂਗਰਸ ਦੇ ਦਿਗਜ ਲੀਡਰ ਵੀ ਕੈਂਡਲ ਮਾਰਚ ਦਾ ਬਣੇ ਹਿੱਸਾ
- ਆਖਿਰ ਕਿਉਂ ਹੋਈ Sidhu Moose Wala ਦੇ ਪੋਸਟ ਮਾਰਟਮ ਵਿਚ ਦੇਰੀ – ਕਦੋਂ ਹੋਵੇਗਾ ਸਿੱਧੂ ਦੀ ਦੇਹ ਦਾ ਸਸਕਾਰ ? ਪੜ੍ਹੋ ਪੂਰੀ ਖਬਰ
- ਕੈਨੇਡਾ ਨੇ ਕੀਤਾ ਨਵੀਂ ਇਮੀਗ੍ਰੇਸ਼ਨ ਯੋਜਨਾ ਦਾ ਐਲਾਨ – ਹੋ ਜੋ ਪੰਜਾਬੀਓ ਤਿਆਰ ਕੈਨੇਡਾ ਜਾਣ ਲਈ